ਪੰਜਾਬ ਵਿਚ ਲੋਕਧਾਰਾ ਦੇ ਹੋਰ ਰੂਪਾਂ ਵਾਂਗ ਲੋਕ ਨਾਚ ਵੀ ਮੌਜੂਦ ਹਨ ਪਰੰਤੂ ਦਿਲਚਸਪ ਗੱਲ ਇਹ ਹੈ ਕਿ ਪੰਜਾਬ ਵਿਚ ਨਾਚਾਂ ਦੀ ਕੇਵਲ ਲੋਕ ਨਾਚ ਪਰੰਪਰਾ ਹੀ ਮੌਜੂਦ ਹੈ ਇਥੇ ਦੱਖਣੀ ਭਾਰਤ ਵਾਂਗ ਸ਼ਾਸਤਰੀ ਨਾਚ ਪਰੰਪਰਾ ਵਿਕਸਤ ਨਹੀਂ ਹੋਈ। ਵਿਦਵਾਨ ਇਸ ਦਾ ਕਾਰਨ ਉਤਰੀ ਭਾਰਤ ਦੀ ਵਿਸ਼ੇਸ਼ ਭੂਗੋਲਿਕ ਪ੍ਰਸਥਿਤੀ ਕਾਰਨ ਅਸਥਿਰ ਰਹੀ ਰਾਜਨੀਤਿਕ ਸਥਿਤੀ ਸਮਝਦੇ ਹਨ। ਪ੍ਰਾਚੀਨ ਕਾਲ ਤੋਂ ਹੀ ਪੰਜਾਬ ਦੀ ਧਰਤੀ ਜੰਗਾਂ-ਯੁੱਧਾਂ ਦਾ ਅਖਾੜਾ ਰਹੀ ਹੈ। ਇਥੋਂ ਦੇ ਵਸਨੀਕ ਕਦੇ ਵੀ ਬਹੁਤੇ ਲੰਮੇ ਸਮੇਂ ਲਈ, ਟਿੱਕ ਕੇ ਨਹੀਂ ਬੈਠ ਸਕੇ। ਇਸੇ ਲਈ ਉਨ੍ਹਾਂ ਨੂੰ ਇਥੋਂ ਦੀ ਕਲਾ, ਰਾਗ ਤੇ ਨਾਚ ਨੂੰ ਬੰਧੇਜਾਂ ਤੇ ਨੇਮਾਂ ਵਿਚ ਜਕੜ ਕੇ ਕਲਾਸਕੀ ਰੂਪ ਨਹੀਂ ਦਿੱਤਾ (ਸੋਹਿੰਦਰ ਸਿੰਘ ਬੇਦੀ, ਪੰਜਾਬ ਦੀ ਲੋਕ ਧਾਰਾ, ਨੈਸ਼ਨਲ ਬੁਕ ਟਰਸਟ, 1999,ਪੰਨਾ-149) ਪਹਿਲੀ ਪੱਧਰ ਉਪਰ ਇਹ ਦਲੀਲ ਮੰਨਣਯੋਗ ਜਾਪਦੀ ਹੈ ਪਰੰਤੂ ਜਦੋਂ ਅਸੀਂ ਕਈ ਹੋਰ ਭੂਗੋਲਿਕ ਖਿੱਤਿਆਂ ਖ਼ਾਸ ਕਰਕੇ ਪਹਾੜੀ ਖਿੱਤਿਆਂ ਦੇ ਨਾਚਾਂ ਵੱਲ ਨਜ਼ਰ ਮਾਰਦੇ ਹਾਂ ਤਾਂ ਉਥੇ ਸਥਿਰ ਸ਼ਾਂਤ ਜੀਵਨ ਹੋਣ ਦੇ ਬਾਵਜੂਦ ਵੀ ਕਲਾਸਕੀ ਨਾਚ ਦੀ ਥਾਵੇਂ ਲੋਕ ਨਾਚ ਹੀ ਮੌਜੂਦ ਹਨ। ਲੋਕ ਨਾਚਾਂ ਦੇ ਸਨਾਤਨੀ ਨਾਚਾਂ ਵਿਚ ਪਰਿਵਰਤਤ ਹੋਣ ਲਈ ਸ਼ਾਇਦ ਧਾਰਮਿਕ ਪਰੰਪਰਾਵਾਂ ਦਾ ਵੀ ਕੋਈ ਹੱਥ ਹੁੰਦਾ ਹੋਵੇਗਾ। ਇਹ ਵੀ ਹੋ ਸਕਦਾ ਹੈ ਕਿ ਕੋਈ ਵੀ ਸਭਿਆਚਾਰ ਇਕਰੰਗਾ ਨਹੀਂ ਹੁੰਦਾ ਉਸ ਵਿਚ ਲੌਕਿਕ ਅਤੇ ਸਨਾਤਨੀ ਦੋਨੋਂ ਰੂਪ ਵੀ ਪ੍ਰਚੱਲਤ ਰਹਿ ਸਕਦੇ ਹਨ। ਇਨ੍ਹਾਂ ਦਰਮਿਆਨ ਵਿਰੋਧ ਦੀ ਥਾਂ ਤੇ ਸਾਂਝ ਵੀ ਹੋ ਸਕਦੀ ਹੈ ਅਤੇ ਕਿਸੇ ਪੜਾਅ ਤੇ ਇਹ ਵਿਰੋਧੀ ਵੀ ਹੋ ਸਕਦੇ ਹਨ। ਇਸ ਬਾਰੇ ਕਠੋਰ ਸਰਵਵਿਆਪਕ ਨਿਯਮ ਨਹੀਂ ਬਣਾਏ ਜਾ ਸਕਦੇ। ਲੋਕ ਨਾਚਾਂ ਦੇ ਅਧਿਐਨ ਕਰਤਾ ਨੂੰ ਅਧਿਐਨ ਅਧੀਨ ਸਮੱਗਰੀ ਅਤੇ ਉਸ ਦੇ ਇਤਿਹਾਸਕ ਪਿਛੋਕੜ ਉਪਰ ਹੀ ਵਧੇਰੇ ਪਹਿਲਤਾ ਵਾਲਾ ਧਿਆਨ ਕੇਂਦਰਤ ਕਰਨਾ ਚਾਹੀਦਾ ਹੈ। ਕਿਸੇ ਹੋਰ ਸਭਿਆਚਾਰ ਬਾਰੇ ਕੱਢੇ ਸਿੱਟੇ ਕਈ ਵਾਰ ਅਧਿਐਨ ਮਾਰਗ ਤੋਂ ਭਟਕਾ ਵੀ ਸਕਦੇ ਹਨ। ਪੰਜਾਬ ਵਿਚ ਭੰਗੜਾ, ਗਿੱਧਾ, ਸੰਮੀ, ਕਿੱਕਲੀ, ਝੁੰਮਰ, ਲੁੱਡੀ, ਮਰਦਾਂ ਦਾ ਗਿੱਧਾ ਆਦਿ ਪ੍ਰਚੱਲਤ ਲੋਕ ਨਾਚ ਹਨ। ਦਿਲਚਸਪ ਗੱਲ ਇਹ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚ ਭੰਗੜਾ ਸ਼ਬਦ ਮੌਜੂਦ ਨਹੀਂ ਹੈ ਭਾਵੇਂ ਗਿੱਧਾ ਸ਼ਬਦ ਮੌਜੂਦ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚ ਨਾਚ ਸ਼ਬਦ ਮੌਜੂਦ ਹੈ ਅਤੇ ਉਥੇ ਨਾਚ ਵੀ ਰੂਪਕ ਵਜੋਂ ਹੀ ਵਧੇਰੇ ਆਇਆ ਹੈ।
ਨਾਚੁ ਰੇ ਮਨੁ ਗੁਰ ਕੈ ਆਗੇ ।।
ਗੁਰੂ ਕੇ ਭਾਣੇ ਨਾਚਹਿ ਤਾ ਸੁਖੁ ਪਾਵਹਿ ਅੰਤੇ ਜਮ ਭਉ ਭਾਗੈ
ਜੋ ਤੁਧੁ ਭਾਵਹਿ ਸੇੲਹ ਨਾਚਹਿ ਜਿਨਾ ਗੁਰਮੁਖਿ ਸ਼ਬਦਿ ਲਿਵ ਲਾਏ (506)
ਗੁਰਬਾਣੀ ਵਿਚ ਇਕ ਪਾਸੇ ਤਾਂ ਨਾਚ ਰੂਪਕ ਦੇ ਰੂਪ ਵਿਚ ਆਇਆ ਹੈ ਕਿ ਮਨ ਜਾਂ ਸਰੀਰ ਜਾਂ ਦੋਹਾਂ ਦਾ ਪਰਮਾਤਮਾ ਦੇ ਹੁਕਮਿ ਵਿਚ ਨੱਚਣਾ ਹੀ ਨੱਚਣਾ ਹੈ। ਦੂਸਰੇ ਪਾਸੇ ਪਦਾਰਥਕ ਲਾਭਾਂ ਲਈ ਨੱਚਣਾ ਕੋਈ ਨੱਚਣਾ ਨਹੀਂ ਹੈ।
ਘੂੰਘਰ ਬਾਧਿ ਭਏ ਰਾਮਦਾਸਾ ਰੋਟੀਅਨ ਕੇ ਓਪਾਵਾ (1003)
ਮਾਇਆ ਕੈ ਅਰਥਿ ਬਹੁਤੁ ਲੋਕ ਨਾਚੇ
ਕੋ ਵਿਰਲਾ ਤਤੁ ਬਹਚਾਰੀ।। (505)
ਗੁਰਮਤਿ ਵਿਚ ਨਾ ਤਾਂ ਹਿੰਦੂ ਮੱਤ ਅਨੁਸਾਰ ਨਿਰੋਲ ਨਾਚ ਰਾਹੀਂ ਬ੍ਰਹਮ ਤਕ ਪਹੁੰਚਣ ਦਾ ਵਿਚਾਰ ਹੈ ਅਤੇ ਨਾ ਹੀ ਇਸਲਾਮ ਅਨੁਸਾਰ ਨਾਚ ਮਨੋਰੰਜਨ ਵਜੋਂ ਹੀ ਵਰਜਿਤ ਹੈ। ਸਗੋਂ ਨਾਚ ਨੂੰ ਰੂਪਕ ਵਜੋਂ ਵਰਤ ਕੇ, ਇਸ ਦਾ ਸਮਾਜ ਵਿਚ ਪ੍ਰਚਲਨ ਪ੍ਰਵਾਨਿਆ ਹੈ। ਪੰਜਾਬੀ ਸਭਿਆਚਾਰ ਕੇਵਲ ਜਾਤ, ਜਮਾਤ, ਨਸਲ ਪੱਖੋਂ ਹੀ ਮਿਸ਼ਰਤ ਸਭਿਆਚਾਰ ਨਹੀਂ ਹੈ ਸਗੋਂ ਇਹ ਧਾਰਮਿਕ ਪੱਖ ਤੋਂ ਵੀ ਮਿਸ਼ਰਤ ਹੈ। ਅਜਿਹੇ ਬਹੁਵੰਨੇ ਸਭਿਆਚਾਰ ਵਿਚੋਂ ਹੀ ਪੰਜਾਬੀ ਲੋਕਨਾਚਾਂ ਦੀਆਂ ਜੜਾਂ ਫਰੋਲਣੀਆਂ ਪੈਣੀਆਂ ਹਨ।
ਭੰਗੜੇ ਦਾ ਆਰੰਭ
ਲੋਕ ਧਾਰਾਈ ਵਿਦਵਾਨਾਂ ਵਿਚ ਭੰਗੜੇ ਦੀ ਉਤਪਤੀ ਬਾਰੇ ਵਿਭਿੰਨ ਮੱਤ ਪ੍ਰਚੱਲਤ ਹਨ। ਇਥੋਂ ਤਕ ਕਿ ਇਕੋ ਵਿਦਵਾਨ ਵੀ ਕਈ ਵਾਰ ਇਕੋ ਲੇਖ ਵਿਚ ਵਿਭਿੰਨ ਮੱਤ ਪ੍ਰਸਤੁਤ ਕਰ ਦਿੰਦੇ ਹਨ। ਉਦਾਹਰਨ ਵਜੋਂ ਪ੍ਰਸਿੱਧ ਲੋਕਧਾਰਾ ਵਿਗਿਆਨੀ ਵਣਜਾਰਾ ਬੇਦੀ ਦੀਆਂ ਇਕੋ ਲੇਖ ਵਿਚੋਂ ਤਿੰਨ ਟਿਪਣੀਆਂ ਹਨ।
1. ਪੰਜਾਬ ਦੇ ਲੋਕ-ਨਾਚ ਸੁਭਾਅ ਵਿਚ ਲੌਕਿਕ ਹਨ। ਇਨ੍ਹਾਂ ਨੂੰ ਧਰਮ ਦੀ ਲਾਗ ਨਹੀਂ ਲੱਗੀ। ਇਨ੍ਹਾਂ ਦਾ ਆਰੰਭ, ਮੁੱਢ ਕਦੀਮ, ਕਿਸੇ ਧਾਰਮਿਕ ਰਹੁਰੀਤ ਜਾਂ ਉਪਜਾਊ ਸ਼ਕਤੀ ਵਧਾਣ ਦੀ ਕਿਸੇ ਕਾਮਨਾ ਤੋਂ ਹੀ ਬੱਝਿਆ ਹੋਵੇ। (ਪੰਜਾਬ ਦੀ ਲੋਕਧਾਰਾ, ਪੰਨਾ 150)
2. ਭੰਗੜੇ ਵਿਚ ਇਕ ਬੀਰ-ਰਸੀ ਘੂਕਰ ਹੈ, ਇਸ ਨਾਚ ਵਿਚ ‘ਵਾਰ‘ ਦੀ ਭਾਵਨਾ ਸਮਾਈ ਹੋਈ ਹੈ। (ਉਹੀ, ਪੰਨਾ-151)
3. ਇਹ ਲੋਕ-ਨਾਚ ਪੰਜਾਬ ਦੀ ਕਿਸਾਨੀ ਸੰਸਕ੍ਰਿਤੀ ਜਿੰਨਾ ਹੀ ਪ੍ਰਾਚੀਨ ਹੈ। ਪਹਿਲਾਂ ਪਹਿਲਾਂ ਜਦੋਂ ਪੰਜਾਬੀਆਂ ਨੇ ਹਰੀਆਂ ਫਸਲਾਂ ਨੂੰ ਸੁਨਹਿਰੀ ਸਿੱਟੇ ਪੈਂਦੇ ਵੇਖੇ ਤਾਂ ਉਨ੍ਹਾਂ ਦਾ ਮਨ ਹੁਲਾਰੇ ਵਿਚ ਆ ਕੇ ਨੱਚ ਖਲੋਤਾ। ਲੰਮੀ ਘਾਲਣਾ ਤੇ ਕਰੜੀ ਮਿਹਨਤ ਨੂੰ ਸੁਨਹਿਰੀ ਫਲ ਲੱਗਿਆ ਵੇਖ, ਕਿਸ ਦਾ ਦਿਲ ਨਹੀਂ ਨੱਚ ਉਠਦਾ? ਮੁੱਢ ਵਿਚ ਇਹ ਨਾਚ, ਫਸਲਾਂ ਦੀ ਉਪਜਾਊ ਸ਼ਕਤੀ ਵਧਾਉਣ ਲਈ ਕੀਤੀਆਂ ਰੀਤੀ ਰਸਮਾਂ ਸਮੇਂ ਖੁੱਲੇ ਖੇਤਾਂ ਵਿਚ ਨੱਚਿਆ ਜਾਂਦਾ ਸੀ। (ਉਹੀ, ਪੰਨਾ-151)
ਸ਼੍ਰੀ ਵਣਜਾਰਾ ਬੇਦੀ ਵਾਲੇ ਵਿਚਾਰਾਂ ਨੂੰ ਵਖ ਵਖ ਕਰਕੇ ਜਾਂ ਕਿਸੇ ਇਕ ਵਿਚਾਰ ਨੂੰ ਜਾਂ ਸਾਰਿਆਂ ਨੂੰ ਇਕੱਠਿਆਂ ਹੀ ਇਸ ਖੇਤਰ ਦੇ ਹੋਰ ਵਿਦਵਾਨਾਂ ਨੇ ਵੀ ਪ੍ਰਵਾਨਿਆ ਹੈ:
ਕਣਕ ਦੀਆਂ ਲਹਿਰਾਉਂਦੀਆਂ ਤੇ ਪੱਕੀਆਂ ਹੋਈਆਂ ਫਸਲਾਂ ਲੋਕਾਂ ਨੂੰ ਮਜ਼ਬੂਰ ਕਰਦੀਆਂ ਹਨ ਕਿ ਨੱਚੋ, ਖ਼ੂਬ ਨੱਚੋ। ਸੋ ਭੰਗੜਾ ਅੰਦਰਲੀ ਖੁਸ਼ੀ ਵਿਚ ਕੀਤੀ ਸਰੀਰਕ ਹਰਕਤ ਹੈ। ਭੰਗੜਾ ਪੰਜਾਬੀਆਂ ਦੀ ਹਿੰਮਤ ਮਿਹਨਤ, ਬਾਹੂਬਲ ਅਤੇ ਅਟੁੱਟ ਵਿਸ਼ਵਾਸ ਦਾ ਪ੍ਰਤੀਕ ਹੈ: ਇਹੀ ਕਾਰਨ ਹੈ ਕਿ ਇਸ ਵਿਚ ਦੇਵੀ ਦੇਵਤਿਆਂ ਦੀ ਪੂਜਾ ਨਹੀਂ, ਮੱਥੇ ਰਗੜਨ ਵਾਲੇ ਕਰਮ ਨਹੀਂ, ਤਰਲੇ ਪਾਉਣ ਵਾਲੀਆਂ ਮੁਦਰਾਵਾਂ ਨਹੀਂ, ਸਗੋਂ ਇਸ ਵਿਚ ਜਿੱਤ ਦਾ ਪ੍ਰਗਟਾ ਹੈ। ਖੇਡ ਤੇ ਪਿਆਰ ਦਾ ਆਨੰਦ ਹੈ। (ਪਰਬਿੰਦਰ ਸਿੰਘ, ਭੰਗੜਾ, ਪੰਜਾਬ ਦੀ ਲੋਕ ਨਾਟ ਪਰੰਪਰਾ, ਮੰਚਣ ਪ੍ਰਕਾਸ਼ਨ, 1991, ਪੰਨਾ-61)
ਅਸਲ ਵਿਚ ਭੰਗੜੇ ਦੀ ਉਤਪਤੀ ਬਾਰੇ ਵਖ ਵਖ ਵਿਚਾਰਾਂ ਦੇ ਅਧਿਐਨ ਤੋਂ ਬਾਅਦ ਅਸੀਂ ਇਹ ਸਿੱਟੇ ਕੱਢ ਸਕਦੇ ਹਾਂ।
1. ਇਹ ਲੌਕਿਕ ਨਾਚ ਹੈ, ਇਸ ਵਿਚ ਧਰਮ ਦਾ ਦਖਲ ਨਹੀਂ ਹੈ ਪਰ ਇਸਦਾ ਆਰੰਭ ਉਪਜਾਇਕਤਾ ਨਾਲ ਜੁੜੀਆਂ ਪੂਜਾ ਵਿਧੀਆਂ ਤੋਂ ਹੋਇਆ ਹੋ ਸਕਦਾ ਹੈ।
2. ਇਹ ਮੁੱਖ ਰੂਪ ਵਿਚ ਕਿਸਾਨੀ ਨਾਚ ਹੈ ਜੋ ਫਸਲ ਪੱਕਣ ਖ਼ਾਸ ਕਰਕੇ ਵਿਸਾਖੀ ਸਮੇਂ ਨੱਚਿਆ ਜਾਂਦਾ ਹੈ।
3. ਇਹ ਮੁੱਖ ਰੂਪ ਵਿਚ ਬੀਰ ਰਸੀ ਨਾਚ ਹੈ ਜੋ ਵੈਰੀ ਉਪਰ ਜਿੱਤ ਉਪਰੰਤ ਨੱਚਿਆ ਜਾਂਦਾ ਹੈ।
ਇਨ੍ਹਾਂ ਸਿੱਟਿਆਂ ਵਿਚੋਂ ਆਧੁਨਿਕ ਸੋਚ ਦੇ ਵਿਦਵਾਨ ਕਿਸੇ ਇਕ ਸਿੱਟੇ ਨੂੰ ਪ੍ਰਵਾਨ ਕੇ ਚਲਦੇ ਹਨ ਜਦੋਂ ਕਿ ਉਤਰ-ਆਧੁਨਿਕ ਸੋਚ ਅਨੁਸਾਰ ਇਹ ਸਾਰੇ ਸਿੱਟੇ ਹੀ ਆਪੋ ਵਿਰੋਧੀ ਹੁੰਦੇ ਹੋਏ ਵੀ ਠੀਕ ਹੋ ਸਕਦੇ ਹਨ। ਭੰਗੜੇ ਜਾਂ ਕਿਸੇ ਵੀ ਲੋਕ ਨਾਚ ਦਾ ਆਰੰਭ ਪੁਰਾਤੱਤਵੀ ਮਾਨਵ ਸ਼ਾਸਤਰ ਦੀ ਦ੍ਰਿਸ਼ਟੀ ਤੋਂ ਤਾਂ ਮਹੱਤਵਪੂਰਨ ਹੋ ਸਕਦਾ ਹੈ ਪਰੰਤੂ ਅੱਜ ਇਹ ਉਸੇ ਭਾਵਨਾ ਦੀ ਪੈਦਾਵਾਰ ਅਤੇ ਉਸੇ ਰੂਪ ਵਿਚ ਮੌਜੂਦ ਹੋਵੇ, ਇਹ ਜ਼ਰੂਰੀ ਨਹੀਂ ਹੈ। ਅੱਜ ਪ੍ਰਾਪਤ ਨਾਚ ਸਾਨੂੰ ਬਦਲੇ ਰੂਪ ਵਿਚ ਮਿਲਿਆ ਹੈ। ਭੰਗੜਾ ਕਿਸੇ ਵਿਸਿ਼ਸ਼ਟ ਧਰਮਾਂ ਦੀਆਂ ਰਸਮਾਂ ਨਾਲ ਭਾਵੇਂ ਨਾ ਜੁੜਿਆ ਹੋਵੇ ਪਰ ਇਸ ਨਾਚ ਦਾ ਪੂਰਵਲਾ ਰੂਪ ਕਿਸੇ ਆਦਿਮ ਜਾਦੂ-ਟੂਣੇ ਦੀ ਰਸਮ ਨਾਲ ਅਵੱਸ਼ ਜੁੜਿਆ ਹੋਵੇਗਾ। ਨਿਸਚੇ ਹੀ ਪੰਜਾਬੀ ਖੇਤਹ ਪ੍ਰਧਾਨ ਇਲਾਕਾ ਸੀ ਤਾਂ ਇਥੋਂ ਦੀਆਂ ਰਸਮਾਂ ਵੀ ਖੇਤੀ ਉਪਜਾਇਕਤਾ ਵਧਾਉਣ ਹਿਤ ਹੀ ਕੀਤੀਆਂ ਜਾਂਦੀਆਂ ਹੋਣਗੀਆਂ। ਨਾਚ ਖੁਸ਼ੀ ਨਾਲ ਸਬੰਧਤ ਹੁੰਦਾ ਹੈ। ਕਿਸਾਨ ਲਈ ਫਸਲ ਘਰ ਆਉਣ ਤੋਂ ਵੱਡੀ ਖੁਸ਼ੀ ਹੋਰ ਕੋਈ ਨਹੀਂ ਹੋ ਸਕਦੀ, ਇਸੇ ਕਰਕੇ ਇਸ ਨੂੰ ਫਸਲ ਦੀ ਆਮਦ ਨਾਲ ਜੋੜਨਾ ਵੀ ਦਰੁਸਤ ਹੈ। ਪਰੰਤੂ ਕਿਸੇ ਵਸਤ ਦੇ ਇਕ ਵਾਰ ਖੁਸ਼ੀ ਨਾਲ ਜੁੜ ਜਾਣ ਨਾਲ, ਹਰ ਖੁਸ਼ੀ ਦੇ ਮੌਕੇ ਤੇ ਉਸ ਦਾ ਦੁਹਰਾਅ ਕੁਦਰਤੀ ਹੈ। ਸੋ ਵਿਆਹ ਸ਼ਾਦੀਆਂ, ਮੁੰਡੇ ਜੰਮਣ ਜਾਂ ਜੰਗ ਜਿੱਤਣ ਸਮੇਂ ਵੀ ਇਸ ਦਾ ਪਾਇਆ ਜਾਣਾ ਸਹਿਜ ਹੈ। ਕਿਸੇ ਲੋਕ ਧਾਰਾਈ ਰਸਮ, ਚਿੰਨ੍ਹ ਜਾਂ ਵਰਤਾਰਾ ਸਦਾ ਇਕੋ ਮਨੋਭਾਵਨਾ ਨੂੰ ਸੰਚਾਰਤ ਨਹੀਂ ਕਰਦਾ ਸਗੋਂ ਹਰ ਸਮੇਂ ਨਾ ਕੇਵਲ ਉਸ ਦਾ ਰੂਪ ਹੀ ਬਦਲਦਾ ਰਹਿੰਦਾ ਹੈ ਸਗੋਂ ਉਸ ਦਾ ਚਿਹਨਤ (ਸਿਗਨਹਫਾਈਡ) ਵੀ ਬਦਲਦਾ ਰਹਿੰਦਾ ਹੈ। ਦੇਸ਼ ਦੀ ਆਜ਼ਾਦੀ ਤੋਂ ਪਿੱਛੋਂ ਗਣਤੰਤਰ ਦਿਵਸ ਨਾਲ ਜਿਵੇਂ ਪੰਜਾਬ ਦੀ ਪ੍ਰਤੀਨਿਧਤਾ ਕਰਨ ਲਈ ਭੰਗੜਾ ਜੁੜਿਆ ਹੈ ਇਹ ਮਹਿਜ ਇਤਫਾਕ ਵੀ ਹੈ ਪਰ ਇਸ ਦੇ ਵਿਚਾਰਧਾਰਕ ਅਰਥ ਵੀ ਹਨ। ਕੀ ਭੰਗੜੇ ਦਾ ਧਰਮ ਨਿਰਪੇਖ ਚਰਿੱਤਰ, ਕਿਸਾਨੀ ਦਾ ਵੀਰਤਾ ਪੂਰਨ ਨਾਚ ਹੋਣਾ, ਭਾਰਤੀ ਰਾਜ ਦੀ ਲੋੜੀਂਦੀ ਵਿਚਾਰਧਾਰਾ ਨਹੀਂ ਹੈ? ਮੈਨੂੰ ਤਾਂ ਇਹ ‘ਜੈ ਜਵਾਨ, ‘ਜੈ ਕਿਸਾਨ‘ ਦੇ ਨਾਅਰੇ ਦਾ ਰੂਪਾਂਤਰਣ ਹੀ ਲਗਦਾ ਹੈ। ਮੈਂ ਇਹ ਇਥੇ ਸਨਿਮਰਤਾ ਨਾਲ ਦ੍ਰਿੜਾਉਣਾ ਚਾਹੁੰਦਾ ਹਾਂ ਕਿ ਲੋਕ ਨਾਚ ਸਦਾ ਪਰਿਵਰਤਨਸ਼ੀਲ ਹੋਣ ਕਰਕੇ, ਇਨ੍ਹਾਂ ਵਿਚ ਸਮੇਂ ਨਾਲ ਰੂਪ ਪੱਖੋਂ ਹੀ ਨਹੀਂ ਸਗੋਂ ਅੰਦਰੂਨੀ ਤੱਤ ਅਤੇ ਵਿਚਾਰਧਾਰਾ ਪੱਖ ਤੋਂ ਵੀ ਬਦਲ ਜਾਣ ਦੀ ਅਥਾਹ ਯੋਗਤਾ ਹੁੰਦੀ ਹੈ। ਲੋਕ ਨਾਚਾਂ ਦੀ ਇਸੇ ਯੋਗਤਾ ਦਾ ਫਾਇਦਾ ਵਿਚਾਰਧਾਰਕ ਸਰਦਾਰੀ ਲਈ ਜੂਝ ਰਹੀਆਂ ਜਮਾਤਾਂ ਵੀ ਉਠਾਉਣ ਦੀ ਕੋਸਿ਼ਸ਼ ਕਰਦੀਆਂ ਹਨ। ਪਿਛਲੇ ਸਮੇਂ ਵਿਚ ਭਾਰਤੀ ਰਾਜ ਦੀ ਕਾਬਜ ਸ਼੍ਰੇਣੀ ਨੇ ਇਸ ਨੂੰ ਮੌਜੂਦਾ ਵਿਚਾਰਧਾਰਕ ਅਰਥ ਪ੍ਰਦਾਨ ਕੀਤੇ ਹਨ।
ਮੌਜੂਦਾ ਦਸ਼ਾ
ਪੰਜਾਬ ਵਿਚ ਪਾਏ ਜਾਂਦੇ ਨਾਚਾਂ ਵਿਚ ਭੰਗੜਾ ਨਾ ਕੇਵਲ ਪ੍ਰਧਾਨ ਹੀ ਹੋ ਨਿਬੜਿਆ ਹੈ ਸਗੋਂ ਇਸ ਨੇ ਆਪਣੇ ਵਿਚ ਬਾਕੀ ਪੰਜਾਬੀ ਲੋਕ ਨਾਚਾਂ ਦੀਆਂ ਹੀ ਨਹੀਂ ਸਗੋਂ ਹੋਰ ਭਾਰਤੀ ਲੋਕ ਨਾਚਾਂ ਦੀਆਂ ਮੁਦਰਾਵਾਂ ਨੂੰ ਵੀ ਅਪਣਾ ਲਿਆ ਹੈ। ਜੇ ਹੁਣ ਕਾਲਜਾਂ ਦੇ ਯੁਵਕ ਮੇਲਿਆਂ ਵਿਚ ਪੈਂਦੇ ਭੰਗੜੇ ਨੂੰ ਵੇਖੀਏ ਤਾਂ ਉਸ ਵਿਚ ਅੱਧੋਂ ਵੱਧ ਮੁਦਰਾਵਾਂ ਝੁੰਮਰ, ਲੁੱਡੀ, ਧਮਾਲ ਦੀਆਂ ਤਾਂ ਹੁੰਦੀਆਂ ਹੀ ਹਨ, ਗ਼ੈਰ ਮੁਕਾਬਲੇ ਵਾਲੇ ਭੰਗੜਿਆਂ ਵਿਚ ਤਾਂ ਇਸਤਰੀ ਨਾਚਾਂ ਗਿੱਧੇ ਅਤੇ ਸੰਮੀ ਦੀਆਂ ਮੁਦਰਾਵਾਂ ਦੇ ਨਾਲੋ ਨਾਲ ਬੈਲੇ ਅਤੇ ਫਿਲਮੇ ਲਟਕੇ ਝਟਕੇ ਵੀ ਸ਼ਾਮਲ ਹੋ ਗਏ ਹਨ। ਇਥੋਂ ਤਕ ਕਿ ਜਿਸ ਨਾਚ ਬਾਰੇ ਡਾ. ਨਾਹਰ ਸਿੰਘ ਜੀ ਲਿਖਦੇ ਹਨ ਕਿ ‘ਭੰਗੜਾ ਮੇਲਿਆਂ ਤੇ ਵਿਆਹਾਂ ਉਤੇ ਨੱਚਿਆ ਜਾਣ ਵਾਲਾ ਗੱਭਰੂਆਂ ਦਾ ਨਾਚ ਹੈ।‘ (ਲੋਕ ਕਾਵਿ ਦੀ ਸਿਰਜਨ ਪ੍ਰਕ੍ਰਿਆ, ਲੋਕਾਇਤ ਪ੍ਰਕਾਸ਼ਨ, ਚੰਡੀਗੜ੍ਹ, 1987, ਪੰਨਾ-41) ਉਸੇ ਟੈਲੀਵਿਜ਼ਨੀ ਨਾਚ ਉਪਰ ਤਾਂ ਕੁੜੀਆਂ ਵੀ ਨਚਦੀਆਂ ਹਨ। ਅਜਿਹੀ ਦਸ਼ਾ ਵਿਚ ਲੋਕ ਨਾਚਾਂ ਦੇ ‘ਸਨਾਤਨੀ‘ ਮਾਹਿਰ ਤਾਂ ਇਸ ਨੂੰ ਪ੍ਰਦੂਸ਼ਣ, ਵਿਗਾੜ ਹੀ ਸਮਝਣਗੇ ਪਰੰਤੂ ਇਹ ਲੋਕ ਨਾਚ ਹਨ, ਤਬਦੀਲੀ ਨੂੰ ਸਹਿਜ ਪ੍ਰਵਾਨ ਲੈਂਦੇ ਹਨ, ਉਨ੍ਹਾਂ ਦੇ ਇਸੇ ਗੁਣ ਨੂੰ ਮਨੋਰੰਜਨ ਸਨਅਤ ਨਾਲ ਜੁੜੇ ਪੇਸ਼ਾਵਰ ਲੋਕਾਂ ਨੇ ਕਮਾਈ ਦਾ ਸਾਧਨ ਬਣਾ ਲਿਆ ਹੈ ਅਤੇ ਸ਼ਾਸ਼ਕ ਸ਼੍ਰੇਣੀ ਨੇ ਇਸ ਨੂੰ ਆਪਣੇ ਵਿਚਾਰਧਾਰਕ ਅਰਥ ਭਰਨ ਲਈ ਅਪਣਾ ਲਿਆ ਹੈ। ਅਜਿਹੀ ਸਥਿਤੀ ਵਿਚ ਲੋਕ ਕਲਾਵਾਂ ਦੇ ਅਧਿਐਨ ਅਤੇ ਪੇਸ਼ਕਾਰੀ ਨਾਲ ਜੁੜੇ ਸੁਹਿਰਦ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਇਕ ਪਾਸੇ ਤਾਂ ਮੂਲ ਰੂਪ ਨੂੰ ਸਾਂਭਣ, ਦੂਜੇ ਪਾਸੇ ਉਹ ਪਰਿਵਰਤਨ ਦੇ ਕਾਰਨਾਂ ਨੂੰ ਲੱਭ ਕੇ ਇਸ ਨੂੰ ਹਾਂ-ਮੁਖੀ ਰੂਪ ਦੇਣ ਦੀ ਚੇਸ਼ਟਾ ਕਰਨ ਦਾ ਯਤਨ ਕਰਨ। ਜਿਥੇ ਸਨਾਤਨੀ ਨਾਚ ਵਖ ਵਖ ਧਾਰਮਿਕ ਦੇਵੀ ਦੇਵਤਿਆਂ ਦੀ ਅਰਾਧਨਾ ਨਾਲ ਜੁੜੇ ਹਨ, ਉਥੇ ਭੰਗੜਾ ਜਾਹਰਾ ਰੂਪ ਵਿਚ ਲੌਕਿਕ ਹੈ। ਇਸ ਦੀਆਂ ਮੰਗਲਾਚਰਨੀ ਬੋਲੀਆਂ ਇਸ ਦੇ ਲੋਕ ਧਰਮ ਦੇ ਨੇੜੇ ਹੋਣ ਦੀ ਦੱਸ ਪਾਉਂਦੀਆਂ ਹਨ:
ਧਰਤੀ ਜੇਡ ਗਰੀਬ ਨਾ ਕੋਈ
ਇੰਦਰ ਜੇਡ ਨਾ ਦਾਤਾ
ਬ੍ਰਹਮਾ ਜੇਡ ਨਾ ਪੰਡਤ ਕੋਈ
ਸੀਤਾ ਜੇਡ ਨਾ ਮਾਤਾ
ਲਛਮਣ ਜੇਡ ਜਤੀ ਨਾ ਕੋਈ
ਰਾਮ ਜੇਡ ਨਾ ਭਰਾਤਾ
ਨਾਨਕ ਜੇਡ ਭਗਤ ਨਾ ਕੋਈ
ਜਿਸ ਹਰ ਕਾ ਨਾਮ ਪਛਾਤਾ
ਦੁਨੀਆਂ ਮਾਣ ਕਰਦੀ
ਰੱਬ ਸਭਨਾ ਦਾ ਦਾਤਾ
ਇਸ ਦੇ ਨਾਲ ਹੀ ਟੱਪਾ ਉਚਾਰਿਆ ਜਾਂਦਾ ਹੈ:
ਕੋਈ ਦਿਨ ਖੇਡ ਲੈ, ਮੌਜਾਂ ਮਾਣ ਲੈ
ਤੈਂ ਭੱਜ ਜਾਵਣਾ, ਓਏ ਕੰਗਣਾ ਕੱਚ ਦਿਆ
ਇਥੇ ਸਾਰੀਆਂ ਨਿਸ਼ਾਨੀਆਂ ਕਿਸੇ ਵਸਿ਼ਸ਼ਟ ਧਰਮ ਦੀਆਂ ਨਹੀਂ ਹਨ ਸਗੋਂ ਲੋਕ ਧਰਮ ਦੀਆਂ ਹਨ, ਜਿਥੇ ਵਖ ਵਖ ਇਸ਼ਟਾਂ ਨੂੰ ਇਕੱਠਿਆਂ ਲਿਆ ਜਾਂਦਾ ਹੈ ਅਤੇ ਸਰੀਰ ਦੀ ਨਾਸ਼ਮਾਨਤਾ ਦਾ ਸਦੀਵੀ ਸੱਚ ਵੀ ਪੇਸ਼ ਕਰ ਦਿੱਤਾ ਜਾਂਦਾ ਜਾਂਦਾ ਹੈ। ਇਹ ਮੰਗਲਾਚਰਨ ਹੀ ਇਸ ਦੇ ਧਾਰਮਿਕ ਸ਼ਹਿਨਸ਼ੀਲਤਾ ਵਾਲੇ ਰੂਪ ਦੀ ਦੱਸ ਪਾ ਦਿੰਦਾ ਹੈ।
ਭੰਗੜੇ ਦਾ ਪਹਿਰਾਵਾ ਕਿਸੇ ਵਿਸ਼ੇਸ਼ ਧਾਰਮਿਕ ਫਿਰਕੇ ਦੀ ਪਛਾਣ ਨਾ ਕਰਾ ਕੇ ਸਮੂਹਿਕ ਪੰਜਾਬੀ ਪਹਿਰਾਵੇ ਦੀ ਦੱਸ ਪਾਉਂਦਾ ਹੈ। ਨਾਚਿਆਂ ਦੇ ਹੱਥ ਵਿਚ ਫੜੇ ਲੋਕ ਸਾਜਾਂ ਦੇ ਨਾਲ ਫੜਿਆ ਖੂੰਡਾ ਇਸ ਦੀ ਜੰਗਜੂ ਬਿਰਤੀ ਨੂੰ ਵੀ ਦਰਸਾਉਂਦਾ ਹੈ। ਭੰਗੜਾ ਇਕੱਲਿਆਂ ਨੱਚਣ ਦੀ ਥਾਂ ਤੇ ਸਮੂਹਿਕ ਰੂਪ ਵਿਚ ਨੱਚਿਆ ਜਾਂਦਾ ਹੈ। ਇਸ ਦੀਆਂ ਮੁਦਰਾਵਾਂ ਵਿਚ ਇਹ ਤਾਲਮੇਲ ਵੇਖਣ ਨੂੰ ਮਿਲਦਾ ਹੈ ਜੋ ਕਿਸਾਨੀ ਦੇ ਸਮੂਹਿਕ ਕੰਮ ਕਰਦਿਆਂ ਜਾਂ ਯੋਧਿਆਂ ਦੀ ਸਮੂਹਿਕ ਚਾਲ ਵਿਚ ਹੁੰਦਾ ਹੈ। ਭੰਗੜੇ ਦੀਆਂ ਬਹੁਤੀਆਂ ਮੁਦਰਾਵਾਂ ਵਿਚ ਲੱਤਾਂ ਬਾਹਾਂ ਦੀਆਂ ਹਰਕਤਾਂ ਪ੍ਰਧਾਨ ਹਨ। ਇਨ੍ਹਾਂ ਮੁਦਰਾਵਾਂ ਦੀ ਜਿਸਮਾਨੀ ਨਿਸ਼ਾਨੀ ਆਮ ਰੋਜ਼ਾਨਾ ਦੇ ਕੰਮਾਂ-ਕਾਰਾਂ ਨਾਲ ਸਹਿਜੇ ਹੀ ਸਮਾਨਤਾ ਲੱਭੀ ਜਾ ਸਕਦੀ ਹੈ। ਤੇਜ ਛੋਹਲੀਆਂ ਮੁਦਰਾਵਾਂ ਦੀ ਹਮਲੇ ਖ਼ਾਸ ਕਰਕੇ ਡਾਂਗ ਦੀ ਲੜਾਈ ਵਾਲੀਆਂ ਮੁਦਰਾਵਾਂ ਨਾਲ ਸਮਾਨਤਾ ਵੀ ਮਿਲ ਜਾਂਦੀ ਹੈ। ਭੰਗੜੇ ਦੀਆਂ ਵਿਭਿੰਨ ਮੁਦਰਾਵਾਂ ਦਾ ਆਪਸੀ ਨਿਖੇੜ, ਉਨ੍ਹਾਂ ਦਾ ਨਾਮਕਰਣ ਕਰਨਾ ਵੀ ਜ਼ਰੂਰੀ ਹੈ।
ਕਈ ਵਿਦਵਾਨ ਭੰਗੜੇ ਨੂੰ ਧਾਰਮਿਕ ਸਦਭਾਵਨਾ ਅਤੇ ਜੁਝਾਰੂ ਵਿਰਸੇ ਨਾਲ ਜੋੜਨਾ ਚਾਹੁੰਦੇ ਹਨ ਜਦੋਂ ਕਿ ਜਿਵੇਂ ਅਸੀਂ ਪਿੱਛੇ ਦੇਖ ਆਏ ਹਾਂ ਕਿ ਭੰਗੜਾ ਤਾਂ ਆਪਣੇ ਰੂਪ, ਸੁਭਾਅ ਅਤੇ ਅੰਦਰੂਨੀ ਵਿਚਾਰਧਾਰਕ ਤੱਤਾਂ ਕਾਰਨ ਪਹਿਲਾਂ ਹੀ ਇਸੇ ਭਾਵਨਾ ਦਾ ਪ੍ਰਚਾਰਕ ਹੈ। ਮੇਰੀ ਸਮਝ ਅਨੁਸਾਰ ਸਮੱਸਿਆ ਇਹ ਹੈ ਕਿ ਪਿਛਲੇ ਕੁਝ ਸਾਲਾਂ ਖ਼ਾਸ ਕਰਕੇ ਜਦੋਂ ਤੋਂ ਮਨੋਰੰਜਨ ਲੋਕ-ਧਾਰਾਈ ਦਾਇਰੇ ਵਿਚੋਂ ਨਿਕਲ ਕੇ ਵਪਾਰ ਦਾ ਹਿੱਸਾ ਬਣਿਆ ਹੈ, ਲੋਕਗੀਤ, ਲੋਕ ਸੰਗੀਤ ਅਤੇ ਲੋਕ ਨਾਚਾਂ ਨੂੰ ਉਸ ਦੇ ਮੂਲ ਸਰੋਤਾਂ ਤੋਂ ਤੋੜ ਕੇ ਵਪਾਰਿਕ ਹਿਤਾਂ ਲਈ ਤਰੋੜਿਆ-ਮਰੋੜਿਆ ਵਿਗਾੜਿਆ ਜਾ ਰਿਹਾ ਹੈ। ਲੋਕ ਨਾਚਾਂ ਵਿਚ ਸਹਿਜ ਪਰਿਵਰਤਨ ਦੀ ਥਾਂ ਤੇ ਵੱਡੀਆਂ ਤਬਦੀਲੀਆਂ ਵਾਪਰ ਰਹੀਆਂ ਹਨ ਜਿਨ੍ਹਾਂ ਨੂੰ ਲੋਕਾਂ ਦੇ ਬਦਲ ਰਹੇ ਪੈਦਾਵਾਰ ਸਾਧਨ ਜਾਂ ਰੁਚੀਆਂ ਦੀ ਥਾਵੇਂ ਵਪਾਰਿਕ ਹਿਤ ਨਿਰਧਾਰਤ ਕਰ ਰਹੇ ਹਨ। ਭੰਗੜਾ ਜੇ ਕਿਸਾਨੀ ਦੀ ਖੁਸ਼ੀ (ਉਹ ਭਾਵੇਂ ਫਸਲ ਘਰ ਆਉਣ ਜਾਂ ਵੈਰੀ ਉਪਰ ਜਿੱਤ ਪ੍ਰਾਪਤ ਕਰਨ ਦੀ ਹੋਵੇ) ਨੂੰ ਚਿਹਨਤ ਕਰਦਾ ਸੀ, ਹੁਣ ਉਹ ਅਸ਼ਲੀਲ ਨਾਚ ਬਣਾਇਆ ਜਾ ਰਿਹਾ ਹੈ। ਸਾਰਿਆਂ ਹੀ ਨਾਚਾਂ ਵਿਚ ਕਾਮੁਕਤਾ ਦਾ ਉਦਾਤ ਰੂਪ ਤਾਂ ਸ਼ਾਮਲ ਰਹਿੰਦਾ ਹੈ ਪਰ ਇਸ ਵਿਚ ਕਾਮੁਕ ਅਸ਼ਲੀਲਤਾ ਕਦੇ ਵੀ ਸ਼ਾਮਲ ਨਹੀਂ ਰਹੀ। ਹੁਣ ਭੰਗੜੇ ਨਾਲ ਪਾਈਆਂ ਬੋਲੀਆਂ, ਗੀਤਾਂ ਦੇ ਬੋਲਾਂ ਵਿਚ ਹੀ ਅਸ਼ਲੀਲਤਾ ਨਹੀਂ ਆਈ ਸਗੋਂ ਸੰਗੀਤਕ ਤਾਲਾਂ ਵਿਚ ਵੀ ਬਦਲਾਓ ਆਉਣਾ ਸ਼ੁਰੂ ਹੋਇਆ ਹੈ। ਭੰਗੜੇ ਵਿਚ ਲੱਤਾਂ, ਬਾਹਾਂ ਅਤੇ ਲੱਕ ਦੀਆਂ ਮੁਦਰਾਵਾਂ ਵਧੇਰੇ ਹੁੰਦੀਆਂ ਸਨ ਭਾਵੇਂ ਇਸ ਵਿਚ ਚਿਹਰੇ ਦੇ ਹਾਵ ਭਾਵ, ਅਭਿਨੈ ਵੀ ਸ਼ਾਮਲ ਹੁੰਦਾ ਸੀ ਪਰੰਤੂ ਹੁਣ ਵੀਡਿਓ ਫਿਲਮਾਂ ਦੇ ਪ੍ਰਭਾਵ ਅਧੀਨ ਚਿਹਰੇ ਦੇ ਹਾਵਭਾਵ ਅਭਿਨੈ ਖ਼ਾਸ ਕਰਕੇ ਅੱਖਾਂ ਦੇ ਅਸ਼ਲੀਲ ਇਸ਼ਾਰੇ ਵੱਧ ਰਹੇ ਹਨ। ਭੰਗੜੇ ਦੇ ਵਿਚ ਪਰੰਪਰਿਕ ਪੰਜਾਬੀ ਪੁਸ਼ਾਕ ਟੁਰਲੇ ਵਾਲੀ ਪੱਗ, ਝੱਗਾ, ਚਾਦਰਾ ਛੱਡ ਕੇ ਕੇਵਲ ਪੈਂਟਾਂ ਸ਼ਰਟਾਂ ਹੀ ਨਹੀਂ ਆ ਗਈਆਂ ਸਗੋਂ ਕਈ ਸੰਗੀਤ ਵੀਡੀਓ ਵਿਚ ਤਾਂ ਬਿਕਨੀ ਵਾਲੀਆਂ ਕੁੜੀਆਂ ਤੋਂ ਵੀ ਭੰਗੜਾ ਪਵਾਇਆ ਗਿਆ ਹੈ। ਅਸਲ ਵਿਚ ਅਜਿਹੀਆਂ ਤਬਦੀਲੀਆਂ ਹੀ ਮਜ਼ਬੂਰ ਕਰਦੀਆਂ ਹਨ ਕਿ ਭੰਗੜੇ ਦੇ ਮੂਲ ਰੂਪ ਬਾਰੇ ਸੋਚਿਆ ਵਿਚਾਰਿਆ ਜਾਵੇ ਅਤੇ ਉਸ ਨੂੰ ਪੁਨਰ ਸਥਾਪਤ ਕੀਤਾ ਜਾਵੇ ਤਾਂ ਹੀ ਇਹ ਆਪਣੇ ਅਸਲੇ ਭਾਵ ਧਾਰਮਿਕ ਸ਼ਹਿਨਸ਼ੀਲਤਾ ਅਤੇ ਜੁਝਾਰੂ ਰੂਪ ਨਾਲ ਜੁੜਿਆ ਰਹਿ ਸਕੇਗਾ।