Saturday, August 27, 2016



ਕਦੇ ਹੂੰ ਕਰਕੇ ਕਦੇ ਹਾਂ ਕਰਕੇ
          ਸੈਲਫੀ ਖਿੱਚ ਮੁਟਿਆਰੇ ਲੰਮੀ ਬਾਂਹ ਕਰਕੇ
ਸੋਸ਼ਲ ਮੀਡੀਆ ਜਾਂ ਸਮਾਜਿਕ ਮਾਧਿਅਮ ਬਹੁਤ ਵਿਸ਼ਾਲ ਸੰਕਲਪ ਹੈ ਜਿਸ ਵਿਚ ਬਹੁਤ ਕੁਝ ਆ ਜਾਂਦਾ ਹੈ ਪਰ ਪਿਛਲੇ ਸਮੇਂ ਵਿਚ ਜਿਵੇਂ ਇਸ ਦਾ ਪੰਜਾਬ ਅੰਦਰ ਆਮ ਭਾਸ਼ਾ ਵਿਚ ਪ੍ਰਯੋਗ ਹੋ ਰਿਹਾ ਹੈ, ਇਸ ਦਾ ਅਰਥ ਇੰਟਰਨੈਟ ਰਾਹੀਂ ਕੰਪਿਊਟਰ ਜਾਂ ਮੋਬਾਈਲ ਉਪਰ ਫੇਸ ਬੁਕ2004, ਵਾਟਸ ਐਪ2010,ਟਵੀਟਰ 2006 ਔਰਕੁੱਟ, ਇੰਸਟਾਗ੍ਰਾਮ ਵਰਗੀਆਂ ਐਪਾਂ(ਐਪਲੀਕੇਸ਼ਨਾਂ) ਰਾਹੀਂ ਸੁਨੇਹੇ (ਅਵਾਜ਼, ਚਿੱਤਰ, ਚਲਚਿੱਤਰ, ਲਿਖਤਾਂ)ਆਦਿ ਦਾ ਸੰਚਾਰ ਕੀਤਾ ਜਾਂਦਾ ਹੈ ਇਹ ਬਹੁਤ ਹੀ ਵਿਆਪਕ ਹੈ ਡਿਜ਼ੀਟਲ ਟਕਨਾਲੋਜੀ, ਇਸ ਦੀ ਬੁਨਿਆਦ ਵਿਚ ਹੈ ਮਾਧਿਅਮਾਂ ਦੇ ਵਿਕਾਸ ਨੂੰ ਅਸੀਂ ਮਨੁੱਖੀ ਸਭਿਅਤਾ ਵਿਚ ਚਾਰ ਪੜਾਵਾਂ ਵਿਚ ਵੰਡ ਸਕਦੇ ਹਾਂ ਪਹਿਲਾ ਪੜਾਅ ਮਨੁੱਖ ਜਾਨਵਰ ਜਗਤ ਤੋਂ ਨਿੱਖੜ ਕੇ ਸਰੀਰਕ ਮੁਦਰਾਵਾਂ ਅਤੇ ਬੋਲ ਰਾਹੀਂ ਆਪਣੇ ਹਾਵ ਅਤੇ ਵਿਚਾਰ ਦੂਸਰਿਆਂ ਨਾਲ ਸਾਂਝੇ ਕਰਦਾ ਸੀ ਇਸ ਸਮੇਂ ਸੰਚਾਰ ਲਈ ਮਨੁੱਖ ਨੂੰ ਖੁਦ ਹਾਜ਼ਰ ਹੋਣਾ ਪੈਂਦਾ ਸੀ ਦੂਸਰਾ ਪੜਾਅ ਉਦੋਂ ਆਰੰਭ ਹੁੰਦਾ ਹੈ ਜਦੋਂ ਬੋਲਾਂ ਨੂੰ ਲਿਖਤ ਦਾ ਜਾਮਾ ਮਿਲਦਾ ਹੈ ਇਸ ਸਮੇਂ ਸੁਨੇਹਾ ਲਿਖ ਕੇ ਭੇਜਿਆ ਜਾਣਾ ਸੰਭਵ ਹੋ ਗਿਆ ਭੇਜਣ ਵਾਲੇ ਅਤੇ ਪ੍ਰਾਪਤ ਕਰਨ ਵਾਲੇ ਦਰਮਿਆਨ ਲਿਖਤ ਆ ਗਈ ਤੀਜਾ ਪੜਾਅ ਉਸ ਸਮੇਂ ਸ਼ੁਰੂ ਹੁੰਦਾ ਹੈ, ਜਦੋਂ ਬੋਲ ਚਿੱਤਰ ਅਤੇ ਚਲਚਿੱਤਰ ਤਕਨੀਕ ਦੀ ਮਦਦ ਨਾਲ ਸਾਂਭੇ (ਰਿਕਾਰਡ) ਜਾਣ ਲੱਗ ਪਏ ਇਸ ਪੜਾਅ ਉਪਰ ਸੰਚਾਰ ਕਿ ਪਾਸੜ ਸੀ ਰੇਡੀਓ, ਫਿਲਮ, ਟੈਲੀਵਿਜ਼ਨ ਇਸਦੇ ਮੁੱਖ ਯੰਤਰ ਸਨ ਇਸ ਪੜਾਅ ਦੀ ਰਿਕਾਰਡਿੰਗ ਮਹਿੰਗੀ ਭਾਰੀ ਮਸ਼ੀਨਰੀ ਵਰਤੀ ਜਾਂਦੀ ਸੀ ਜਿਸ ਲਈ ਵਿਸ਼ੇਸ਼ ਸਮਾਂ ਸਥਾਨ ਅਤੇ ਤਕਨੀਕ ਲੋੜੀਂਦੀ ਸੀ ਚੌਥਾ ਪੜਾਅ ਇਸ ਸਮੇਂ ਚੱਲ ਰਿਹਾ ਹੈ ਜਦੋਂ ਰਿਕਾਰਡਿੰਗ ਸਸਤੀ ਸਹਿਜ, ਸੌਖੀ ਅਤੇ ਸਰਲ ਹੋ ਗਈ ਇਸ ਦੇ ਨਾਲ ਹੀ ਇੰਟਰਨੈਟ ਰਾਹੀਂ ਸੁਨੇਹਿਆਂ ਨੂੰ ਆਪਸ ਵਿਚ ਦੋਤਰਫਾ ਸਾਂਝਾ ਕਰਨਾ ਸੁਖਾਲਾ ਹੋ ਗਿਆ ਇਸ ਸਮੇਂ ਹੀ ਆਧੁਨਿਕ ਸੰਚਾਰ ਮਾਧਿਅਮ ਹੋਂਦ ਵਿਚ ਆਏ ਹਨ ਇਨ੍ਹਾਂ ਮਾਧਿਅਮਾਂ ਰਾਹੀਂ ਅਵਾਜ ਲਿਖਤ, ਚਿੱਤਰ, ਚਲਚਿੱਤਰ ਤੁਰੰਤ ਦੂਸਰੇ ਤਕ ਭੇਜੇ ਜਾ ਸਕਦੇ ਹਨ ਇਸ ਲਈ ਕੋਈ ਪ੍ਰੋਫੈਸ਼ਨਲ ਟੈਕਨੀਕਲ ਮੁਹਾਰਤ ਦੀ ਲੋੜ ਨਹੀਂ ਹੈ ਤੁਰੰਤ ਹੀ ਰਿਕਾਰਡਿੰਗ ਕੀਤੀ ਜਾ ਸਕਦੀ ਹੈ ਅਤੇ ਅੱਗੇ ਭੇਜੀ ਜਾ ਸਕਦੀ ਹੈ ਇਸ ਨਾਲ ਕਈ ਨਵੇਂ ਕਲਾ ਰੂਪਾਂ ਦਾ ਜਨਮ ਹੋ ਗਿਆ ਹੈ ਇਸ ਸਮੇਂ ਸਮਾਜਿਕ ਮਾਧਿਅਮਾਂ ਉਪਰ ਕਈ ਕੁਝ ਚੱਲ ਰਿਹਾ ਹੈ
1.     ਫੋਨ ਉਪਰ ਕੇਵਲ ਅਵਾਜ ਸੁਣਾਈ ਦਿੰਦੀ ਹੈ ਰਿਕਾਰਡਿਡ ਗਾਣੇ ਭਾਸ਼ਨ ਅਵਾਜ ਇਕ ਦੂਸਰੇ ਨੂੰ ਭੇਜੇ ਜਾ ਸਕਦੇ ਹਨ
2.    ਕੇਵਲ ਲਿਖਤ ਐਸ.ਐਮ.ਐਸ ਰਾਹੀਂ ਜਾਂ ਹੋਰ ਮਾਧਿਅਮਾਂ ਰਾਹੀਂ ਭੇਜੀ ਜਾ ਸਕਦੀ ਹੈ
3.    ਕੇਵਲ ਦਿਸ੍ਰ ਜਾਂ ਫੋਟੋ ਵੀ ਸਾਂਝੀ ਕੀਤੀ ਜਾ ਸਕਦੀ ਹੈ
4.    ਅਵਾਜ਼ ਅਤੇ ਦ੍ਰਿਸ਼ ਭਾਵ ਆਡੀਓ ਵੀਡੀਓ ਪਹਿਲਾਂ ਤਿਆਰ ਵੀ ਭੇਜੀਆਂ ਜਾ ਸਕਦੀਆਂ ਹਨ ਅਤੇ ਤੁਰੰਤ ਸਾਹਮਣੇ ਵਾਪਰ ਰਾਹੀ ਘਟਨਾ ਜਾਂ ਕਲਾਤਮਿਕ ਪੇਸ਼ਕਾਰੀ ਨੂੰ ਦੂਸਰੇ ਨਾਲ ਸਾਂਝਾ ਕੀਤਾ ਜਾ ਸਕਦਾ ਹੈ
 ਇਸ ਤੋਂ ਵੀ ਅੱਗੇ ਕੰਪਿਊਟਰ ਉਪਰ ਜਾਂ ਮੋਬਾਈਲ ਉਪਰ ਇਨ੍ਹਾਂ ਸਾਰੇ ਮਾਧਿਅਮਾਂ ਨੂੰ ਰਲਾਮਿਲਾ ਕੇ ਜਾਂ ਆਪਣੇ ਢੰਗ ਨਾਲ ਸਿਰਜਣਾਤਮਿਕ ਮੋੜ ਦੇ ਕੇ ਪੁਨਰ ਪੇਸ਼ ਕੀਤਾ ਜਾ ਸਕਦਾ ਹੈ ਇਸ ਤਰਾਂ ਨਵੇਂ ਹੀ ਕਲਾ ਰੂਪ ਸਾਹਮਣੇ ਆ ਰਹੇ ਹਨ
)      ਦ੍ਰਿਸ਼ ਕੋਈ ਹੋਰ ਹੈ, ਅਵਾਜ ਕੋਈ ਹੋਰ ਹੈ, ਉਦਾਹਰਨ ਵਜੋਂ ਸਿਆਸੀ ਬੰਦਿਆਂ ਦੀਆਂ ਵੀਡੀਓ ਉਪਰ ਹੋਰ ਗਾਣੇ, ਭਾਸ਼ਨ ਜਾਂ ਅਵਾਜਾਂ ਭਰੀਆਂ ਜਾਂਦੀਆਂ ਹਨ ਜਿਵੇਂ ਪਿਛਲੇ ਦਿਨੀ ਸੁਖਬੀਰ ਬਾਦਲ ਦੀ ਇਕ ਵੀਡੀਓ ਉਪਰ ਅਜਿਹੀ ਕਵਿਤਾ ਪਾ ਦਿੱਤੀ ਕਿ ਜਿਸ ਨਾਲ ਪ੍ਰਹਸਨ ਪੈਦਾ ਹੁੰਦਾ ਹੈ
)      ਅਵਾਜ ਅਸਲੀ ਹੈ ਪਰ ਦ੍ਰਿਸ਼ ਮਨਮਰਜੀ ਦੇ ਪਾ ਦਿੱਤੇ ਜਾਂਦੇ ਹਨ
)      ਪ੍ਰਸੰਗ ਤੋਂ ਤੋੜ ਕੇ ਸੰਪਾਦਨ ਕਰ ਦਿੱਤਾ ਜਾਂਦਾ ਹੈ
)      ਸਿੱਧੀ ਰਿਕਾਰਡਿੰਗ ਪਰ ਕੈਪਸ਼ਨ ਮਨਮਰਜੀ ਦੀ ਕਰ ਦਿੱਤੀ ਜਾਂਦੀ ਹੈ
)      ਤਸਵੀਰਾਂ ਦੀ ਅਡੀਡਿੰਗ ਕਰ ਦਿੱਤੀ ਜਾਂਦੀ ਹੈ
.       ਕਿਸੇ ਦੇ ਚੇਹਰੇ ਤੇ ਕਿਸੇ ਹੋਰ ਦਾ ਚੇਹਰਾ ਲਗਾ ਦਿੱਤਾ ਜਾਂਦਾ ਹੈ
ਇਸ ਤਰੀਕੇ ਨਾਲ ਸਮਾਜਿਕ ਮਾਧਿਅਮਾਂ ਨੇ ਆਪਣਾ ਹੀ ਕਲਾ ਸੰਸਾਰ ਸਿਰਜ ਲਿਆ ਹੈ ਹਰ ਯੁੱਗ ਦੀ ਤਕਨੀਕ ਆਪਣੇ ਸਮੇਂ ਦੇ ਹਾਣ ਦੇ ਕਲਾਰੂਪਾਂ ਨੂੰ ਜਨਮ ਦਿੰਦੀ ਹੈ ਪਰੰਤੂ ਅਜਿਹੇ ਸਮੇਂ ਕਲਾਵਾਂ ਦਾ ਮਿਸ਼ਰਣ ਘੜਮੱਸ ਪੈਦਾ ਕਰ ਦਿੰਦਾ ਹੈ ਅਤੇ ਕਈ ਵਾਰ ਇਹ ਕਲਾ ਦਾ ਦੁਸ਼ਮਣ ਵੀ ਬਣ ਜਾਂਦਾ ਹੈ
ਇਸ ਦੇ ਕੁਝ ਪ੍ਰਭਾਵਾਂ ਤੇ ਵਿਚਾਰ ਕਰਨੀ ਬਣਦੀ ਹੈ
1.ਸਮੇਂ ਦੀ ਬਰਬਾਦੀ : ਧਿਆਨ ਦਾ ਉਖੜਨਾ
ਸੋਸ਼ਲ ਮੀਡੀਏ ਦਾ ਹੱਦੋਂ ਵੱਧ ਪ੍ਰਯੋਗ ਸਮੇਂ ਦੀ ਬਰਬਾਦੀ ਹੈ ਬਿਨਾ ਸ਼ੱਕ ਨਾਵਲ, ਸਿਨੇਮਾ, ਟੈਲੀਵਿਜ਼ਨ ਵਿਚ ਵੀ ਸਮਾਂ ਲਗਦਾ ਸੀ ਪਰ ਇਹ ਸਾਧਨ ਹਰ ਵੇਲੇ ਵਿਅਕਤੀ ਦੇ ਕੋਲ ਨਹੀਂ ਹੁੰਦੇ ਸਨ ਸਿੱਟੇ ਵਜੋਂ ਵਿਅਕਤੀ ਇਨ੍ਹਾਂ ਕਾਰਨ ਹਰ ਵੇਲੇ ਰੁੱਝਿਆ ਨਹੀਂ ਰਹਿੰਦਾ ਸੀ ਪਰ ਮੋਬਾਈਲ ਅਕਾਰ ਵਿਚ ਛੋਟਾ ਤੇ ਹਰ ਸਮੇਂ ਕੋਲ ਹੋਣ ਕਾਰਨ ਵਿਅਕਤੀ ਹਰ ਵੇਲੇ ਇਸ ਉਪਰ ਹੀ ਅੱਖਾਂ ਟਿਕਾਈ ਅਤੇ ਉਂਗਲਾਂ ਭਜਾਈ ਰਖਦਾ ਹੈ ਇਸ ਨਾਲ ਨਾਕੇਵਲ ਸਮਾਂ ਹੀ ਬਰਬਾਦ ਹੁੰਦਾ ਹੈ ਸਗੋਂ ਮਹੱਤਵਪੂਰਨ ਗੰਭੀਰ ਗੱਲਾਂ ਵੱਲ ਧਿਆਨ ਨਹੀਂ ਜਾਂਦਾ ਵਿਅਕਤੀ ਹਰ ਸਮੇਂ ਸ਼ੇਅਰ ਪੜ੍ਹਨ, ਚੁਟਕਲੇ ਸਾਂਝੇ ਕਰਨ ਅਤੇ ਫੋਟੋਆਂ ਦੇਖਣ ਵਿਚ ਸਮਾਂ ਗੁਜ਼ਾਰ ਦਿੰਦਾ ਹੈ ਆਪਣੇ ਮਨੋਰੰਜਨੀ ਤੱਤ ਕਾਰਨ ਇਹ ਕਿਰਿਆ ਹੌਲੀ ਹੌਲੀ ਆਦਤ ਬਣ ਜਾਂਦੀ ਹੈ ਜਿਵੇਂ ਸ਼ਰਾਬ ਸ਼ਰਾਬੀ ਬਣਾ ਦਿੰਦੀ ਹੈ ਅਫੀਮ ਫੀਮੀ ਬਣਾ ਦਿੰਦੀ ਹੈ ਇੰਜ ਹੀ ਫੇਸਬੁੱਕ ਦੇ ਸ਼ੁਕੀਨਾ ਨੂੰ ਫੇਸਬੁਕੇਰੀਆ ਅਤੇ ਵਾਟਸ ਅਪੇਰੀਆ ਹੋ ਰਿਹਾ ਹੈ
2. ਹਾਸੇ ਦਾ ਤਮਾਸ਼ਾ
ਜ਼ਿੰਦਗੀ ਵਿਚ ਬਹੁਤ ਕੁਝ ਅਸੀਂ ਅਜਿਹਾ ਕਰਦੇ ਹਾਂ ਜੋ ਨਿੱਜੀ ਹੁੰਦਾ ਹੈ ਜਾਂ ਬਹੁਤ ਨੇੜੇ ਦੇ ਦੋਸਤਾਂ ਦਰਮਿਆਨ ਸਾਂਝਾ ਕਰਨ ਵਾਲਾ ਹੁੰਦਾ ਹੈ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਯਾਰ ਦੋਸਤ ਬੰਦ ਕਮਰੇ ਦੀ ਮਹਿਫਲ ਵਿਚ ਬੈਠਿਆਂ ਹਾਸਾ ਠੱਠਾ ਕਰਦਿਆਂ ਕਈ ਕਿਸਮ ਦੀਆਂ ਹਰਕਤਾਂ ਕਰ ਲੈਂਦੇ ਹਾਂ ਪਰ ਅੱਜ ਸੂਖ਼ਮ ਰਿਕਾਰਡਿੰਗ ਡਿਵਾਈਸ ਮੋਬਾਈਲ ਕੈਮਰੇ ਕਾਰਨ ਇਨ੍ਹਾਂ ਪਲਾਂ ਨੂੰ ਪਰਸਪਰ ਭਰੋਸੇ (ਗੁੱਡ ਫੇਥ) ਜਾਂ ਅਨਜਾਣੇ ਵਿਚ ਰਿਕਾਰਡ ਕਰ ਲਿਆ ਜਾਂਦਾ ਹੈ ਅਤੇ ਇਸ ਨੂੰ ਦੋਸਤਾਂ ਮਿੱਤਰਾਂ ਦੇ ਘੇਰੇ ਵਿਚ ਸਾਂਝਾ ਕਰ ਦਿੱਤਾ ਜਾਂਦਾ ਹੈ ਕਈ ਵਾਰ ਇਹ ਦੋਸਤਾਂ ਮਿੱਤਰਾਂ ਦੇ ਘੇਰੇ ਵਿਚੋਂ ਨਿਕਲ ਕੇ ਜਨਤਕ ਹੋ ਜਾਂਦਾ ਹੈ ਤਾਂ ਹਾਸੇ ਦਾ ਤਮਾਸ਼ਾ ਬਣ ਜਾਂਦਾ ਹੈ ਹੋਸਟਲ ਦੇ ਕਮਰਿਆਂ ਵਿਚ ਸਾਊ ਤੋਂ ਸਾਊ ਕੁੜੀਆਂ ਖੜਮਸਤੀ ਕਰਦੀਆਂ ਨਚਦੀਆਂ ਗਾਉਂਦੀਆਂ ਇਕ ਦੂਜੀ ਨੂੰ ਢਾਹੁੰਦੀਆਂ ਅਜੀਬੋ ਗਰੀਬ ਹਰਕਤਾਂ ਕਰਦੀਆਂ ਹਨ ਪਰ ਜਿਵੇਂ ਪਿਛਲੇ ਦਿਨੀ ਇਕ ਪਹਾੜਾਂ ਦੇ ਪ੍ਰਸਿੱਧ ਧਾਰਮਿਕ ਵਿਦਿਅਕ ਸੰਸਥਾ ਦੇ ਹੋਸਟਲ ਦੀਆਂ ਕੁੜੀਆਂ ਦੇ ਨਾਚ ਗਾਣੇ ਦੀ ਵੀਡੀਓ ਵਾਇਰਲ ਹੋਈ ਹੈ, ਉਸ ਨੇ ਸੰਸਥਾ ਨੂੰ ਹੀ ਨਮੋਸ਼ੀ ਨਹੀਂ ਦਿੱਤੀ ਸਗੋਂ ਕੁੜੀਆਂ ਦਾ ਭਵਿੱਖ ਵੀ ਖਰਾਬ ਕਰ ਦਿੱਤਾ ਹੈ ਭਾਵ ਕੁੜੀਆਂ ਨੇ ਹਾਸੇ ਹਾਸੇ ਵਿਚ ਆਪਣੇ ਪੈਰੀਂ ਆਪ ਕੁੜਾ ਮਾਰ ਲਿਆ ਹੈ ਦਕੀਆਨੂਸੀ ਮਾਪਿਆਂ ਨੇ ਕੁੜੀਆਂ ਪੜ੍ਹਨੋਂ ਹਟਾ ਲਈਆਂ ਹਨ ਇਸੇ ਪ੍ਰਕਾਰ ਪੀ.ਜੀ. ਰਹਿੰਦੀਆਂ ਦੋ ਕੁੜੀਆਂ ਸੋਡੇ ਦੀ ਬੋਤਲ ਨਾਲ ਸ਼ਰਾਬੀ ਦੀ ਅਦਾਕਾਰੀ ਕਰ ਰਹੀਆਂ ਹਨ ਅਤੇ ਤੀਜੀ ਉਨ੍ਹਾਂ ਦੀ ਵੀਡੀਓ ਬਣਾ ਰਹੀ ਹੈ ਇਹ ਸ਼ਰਾਬੀ ਦੀ ਅਦਾਕਾਰੀ ਕੁੜੀ ਦੀ ਮੰਗਣੀ ਟੁੱਟਣ ਦਾ ਸਬੱਬ ਬਣਦੀ ਹੈ ਅੱਜਕਲ੍ਹ ਯਾਰੀ ਮਿਹਣੋ ਮਿਹਣੀ ਹੋ ਕੇ ਨਹੀਂ ਟੁੱਟਦੀ ਸਗੋਂ ਫੋਟੋਆਂ ਡਲੀਟ ਕਰਕੇ ਟੁੱਟਦੀ ਹੈ
3 ਬਲੈਕ ਮੇਲਿੰਗ
ਇਸ ਸੋਸ਼ਲ ਮੀਡੀਏ ਦੀ ਦੁਨੀਆਂ ਵਿਚ ਪਿਆਰ ਖੇਡ ਖੇਡਦੇ ਮੁੰਡੇ ਕੁੜੀਆਂ ਦਾ ਸਭ ਤੋਂ ਮਾੜਾ ਪੱਖ ਕਿਸੇ ਇਕ ਧਿਰ ਵੱਲੋਂ ਕੀਤੀ ਬਲੈਕ ਮੇਲਿੰਗ ਹੈ ਤੁਸੀਂ ਜਿਸ ਉਪਰ ਵਿਸ਼ਵਾਸ ਕਰਦੇ ਹੋ ਉਹ ਕਈ ਵਾਰ ਵਿਸ਼ਵਾਸਘਾਤੀ ਹੁੰਦਾ ਹੈ ਜਿਸ ਨੂੰ ਤੁਸੀਂ ਸ਼ਹਿਦ ਸਮਝ ਕੇ ਚੱਟਦੇ ਹੋ ਉਹ ਜ਼ਹਿਰ ਹੁੰਦਾ ਹੈ ਇਕ ਸੈਲਫੀ ਜੀਵਨ ਤਬਾਹ ਕਰ ਦਿੰਦੀ ਹੈ ਆਮ ਹਾਲਤਾਂ ਵਿਚ ਵਿਅਕਤੀ ਮੁੱਕਰ ਜਾਂਦੇ ਹਨ ਪਰ ਫੋਟੋਵੀਡੀਓ ਸਦੀਵੀ ਗਵਾਹ ਬਣ ਜਾਂਦੀ ਹੈ ਨਵੀਂ ਪੀੜ੍ਹੀ ਨੂੰ ਇਹ ਅਣਮੰਗੀ ਸਲਾਹ ਹੈ ਕਿ ਉਸ ਰਸਤੇ ਕਦੇ ਨਹੀਂ ਤੁਰਨੀ ਚਾਹੀਦਾ ਜਿੱਥੇ ਨਾ ਅੱਗੇ ਮੰਜਲ ਹੋਵੇ ਅਤੇ ਨਾ ਪਿੱਛੇ ਮੁੜਨ ਦਾ ਰਾਹ ਹੋਵੇ
4.ਅਨਜਾਣੇ ਵਿਚ ਚੋਰਾਂ ਨੂੰ ਦਾਅਵਤਾਂ
ਬਹੁਤੀ ਵੇਰੀ ਨਵੀਂ ਪੀੜ੍ਹੀ ਕੀ ਖਰੀਦਿਆ? (ਗਹਿਣਾ, ਕਾਰ ਬਗੈਰਾ) ਕੀ ਵੇਚਿਆ(ਪਲਾਟ, ਜ਼ਮੀਨ ਬਗੈਰਾ) ਕਿੱਥੇ ਜਾਣਾ ਅਤੇ ਕਦੋਂ ਆਉਣਾ ਸਭ ਸਟੇਟਸ ਵਜੋਂ ਪਾ ਦਿੰਦੇ ਹਨ ਜਿਸ ਨੂੰ ਤੁਹਾਡੇ ਦੋਸਤਾਂ ਦੇ ਭੇਸ ਵਿਚ ਛੁਪੇ ਦੁਸ਼ਮਣ ਜਾਂ ਅਪਰਾਧੀ ਤੱਤ ਵਰਤ ਲੈਂਦੇ ਹਨ ਉਦਾਹਰਨ ਵਜੋਂ ਤੁਸੀਂ ਸਟੇਟਸ ਪਾ ਦਿੰਦੇ ਹੋ ਕਿ ਸਾਰਾ ਪਰਿਵਾਰ ਫਲਾਨੇ ਹੋਟਲ ਵਿਚ ਖਾਣਾ ਖਾ ਰਿਹਾ ਹੈ ਅਤੇ ਨਾਲ ਹੀ ਤਸਵੀਰ ਸਾਂਝੀ ਕਰ ਦਿੰਦੇ ਹੋ ਹੁਣ ਚੋਰਾਂ ਨੂੰ ਮੌਜਾਂ ਬਣ ਜਾਂਦੀਆਂ ਹਨ ਅਤੇ ਉਹ ਅਰਾਮ ਨਾਲ ਆਪਣਾ ਕਾਰਜ ਸਿਰੇ ਚੜ੍ਹਾਉਂਦੇ ਹਨ ਬੰਬਈ ਦਹਿਸ਼ਤਗਰਦੀ ਹਮਲੇ ਸਮੇਂ ਤਾਜ ਹੋਟਲ ਅੰਦਰ ਛੁਪੇ ਅੱਤਵਾਦੀਆਂ ਨੂੰ ਪੁਲਿਸ ਦੇ ਬਾਹਰਲੇ ਐਕਸ਼ਨਾਂ ਦੀ ਨਾਲੋ ਨਾਲ ਪ੍ਰਮਾਣਿਕ ਜਾਣਕਾਰੀ ਮੁਫਤੋ ਮੁਫਤੀ ਸਿੱਧੇ ਪ੍ਰਸਾਰਣਾਂ ਨੇ ਅਨਜਾਣੇ ਵਿਚ ਹੀ ਮੁਹੱਈਆ ਕਰਵਾ ਦਿੱਤੀ ਸੋ ਸੋਸ਼ਲ ਮੀਡੀਏ ਨੂੰ ਜੰਮ ਜੰਮ ਵਰਤੋ ਪਰ ਜਰਾ ਸੰਭਲ ਕੇ
 ਇੱਥੇ ਇਹ ਦੱਸ ਦੇਣਾ ਵੀ ਯੋਗ ਹੋਵੇਗਾ ਕਿ ਭਾਰਤ ਵਿਚ ਹੁਣ ਸਾਈਬਰ ਕਾਨੂੰਨ2008 ਲਾਗੂ ਹੈ ਅੱਜਕਲ੍ਹ ਤੁਹਾਡੀ ਕਾਲ ਦਾ ਸਮਾਂ, ਸਥਾਨ, ਤੁਹਾਡੀ ਪੋਸਟ ਕਿਹੜੇ ਕੁਨੈਕਸ਼ਨ, ਕਿਹੜੇ ਕੰਪਿਊਟਰ ਤੋਂ, ਕਿਹੜੇ ਮੋਬਾਈਲ ਨੰਬਰ ਤੋਂ ਹੋਈ ਹੈ? ਪਤਾ ਲੱਗ ਜਾਂਦਾ ਹੈ ਅਪਰਾਧਕ ਗਤੀਵਿਧੀਆਂ ਕਰਨ ਵਾਲਿਆਂ ਨੂੰ ਰਿਕਾਰਡ ਕਢਵਾ ਕੇ ਪਕੜਿਆ ਜਾ ਸਕਦਾ ਹੈ ਅਤੇ ਇਹ ਵੀ ਦੱਸ ਦੇਣਾ ਯੋਗ ਹੋਵੇਗਾ ਕਿ ਤੁਸੀਂ ਜਾਣੇ ਜਾਂ ਅਨਜਾਣੇ ਕਿਸੇ ਸਾਈਬਰ ਅਪਰਾਧ ਦੀ ਗਤੀਵਿਧੀ ਵਿਚ ਸ਼ਾਮਲ ਨਾ ਹੋਵੋ, ਤੁਸੀਂ ਪਕੜੇ ਜਾਵੋਗੇ ਅਸ਼ਲੀਲ ਜਾਂ ਧਾਰਮਿਕ ਨਫਰਤ ਫੈਲਾਉਣ ਵਾਲੀ ਜਾਂ ਕਿਸੇ ਵਿਸ਼ੇਸ਼ ਵਿਅਕਤੀ ਨੂੰ ਨਿਸ਼ਾਨਾ ਬਨਾਉਣ ਵਾਲੀ ਸਮਗਰੀ ਤੁਹਾਡੇ ਲਈ ਮੁਸੀਬਤ ਹੋ ਸਕਦੀ ਹੈ ਸੋ ਸੋਸ਼ਲ ਮੀਡੀਏ ਉਤੇ ਸਾਂਝੀ ਕਰਨ ਵਾਲੀ ਸਮੱਗਰੀ ਸੋਚ ਸਮਝ ਕੇ ਪਾਓ, ਇਹ ਤੁਹਾਡੀ ਜ਼ਿੰਮੇਵਾਰੀ ਹੈ ਉਸ ਦਾ ਚੰਗਾ ਮਾੜਾ ਫਾਇਦਾ ਤੁਹਾਡੇ ਸਿਰ ਹੈ

0 Comments:

Post a Comment

<< Home